ਦੇਬੀ ਮਖਸੂਸਪੁਰੀ (ਅੰਗ੍ਰੇਜ਼ੀ: Debi Makhsoospuri; ਜਨਮ: ਗੁਰਦੇਵ ਸਿੰਘ ਗਿੱਲ; ਮਿਤੀ 10 ਜੂਨ 1966) ਇੱਕ ਪੰਜਾਬੀ ਗਾਇਕ, ਗੀਤਕਾਰ, ਸ਼ਾਇਰ ਅਤੇ ਕਵੀ ਹੈ। ਉਹ ਸ਼ੁਰੁਆਤ ਵਿੱਚ ਗੀਤਕਾਰ ਸੀ ਅਤੇ ਉਸ ਦਾ ਪਹਿਲਾ ਗੀਤ ਗਾਇਕ ਕੁਲਦੀਪ ਮਾਣਕ ਨੇ ਗਾਇਆ। ਉਦੋਂ ਇਹਨਾਂ ਦੀ ਉਮਰ ਵੀਹ ਸਾਲ ਦੀ ਸੀ। ਬਾਅਦ ਵਿੱਚ ਉਸਨੇ ਮਨਮੋਹਨ ਵਾਰਿਸ, ਕਮਲ ਹੀਰ, ਸਰਦੂਲ ਸਿਕੰਦਰ, ਅਤੇ ਹੰਸ ਰਾਜ ਹੰਸ ਵਰਗੇ ਪੰਜਾਬੀ ਕਲਾਕਾਰਾਂ ਲਈ ਗੀਤ ਲਿਖੇ ਹਨ। ਉਸਨੇ 1994 ਵਿੱਚ ਆਪਣੀ ਪਹਿਲੀ ਐਲਬਮ "ਜਦ ਮਾਂ ਨਹੀਂ ਰਹਿੰਦੀ" ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ।
ਮੁੱਢਲਾ ਜੀਵਨ ਅਤੇ ਕਰੀਅਰ
ਦੇਬੀ ਦਾ ਅਸਲੀ ਨਾਮ ਗੁਰਦੇਵ ਸਿੰਘ ਗਿੱਲ ਸੀ, ਉਸਦਾ ਜਨਮ 10 ਜੂਨ 1966 ਨੂੰ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਖਸੂਸਪੁਰ ਵਿੱਚ ਹੋਇਆ। ਉਹ ਹੁਣ ਕੈਨੇਡਾ ਵਿੱਚ ਰਹਿੰਦਾ ਹੈ। ਮਖਸੂਸਪੁਰੀ ਦੀ ਪਹਿਲੀ ਐਲਬਮ "ਜਦ ਮਾਂ ਨਹੀਂ ਰਹਿੰਦੀ" 1994 ਵਿੱਚ ਆਈ ਸੀ। ਉਸਦੇ ਦੱਸਣ ਮੁਤਾਬਿਕ ਓਹ ਜਿਆਦਾਤਰ ਪੰਜਾਬੀ ਸ਼ਾਇਰਾਂ ਜਿਵੇਂ ਕਿ ਸਾਹਿਰ ਲੁਧਿਆਣਵੀ, ਸ਼ਿਵ ਕੁਮਾਰ ਬਟਾਲਵੀ, ਡਾ. ਜਗਤਾਰ, ਅਤੇ ਡਾ, ਸੁਰਜੀਤ ਪਾਤਰ ਦੀ ਸ਼ਾਇਰੀ ਤੋਂ ਪ੍ਰਭਾਵਿਤ ਹੈ।
ਦੇਬੀ ਮਖਸੂਸਪੁਰੀ ਨੇ ਆਪਣੀ ਰੂਹਾਨੀ ਅਤੇ ਮੁਹੱਬਤ ਸਬੰਧੀ ਸ਼ਾਇਰੀ ਅਤੇ ਕਵਿਤਾਵਾਂ ਲਈ ਵਿਆਪਕ ਪ੍ਰਸਿੱਧੀ ਪ੍ਰਾਪਤ ਕੀਤੀ। ਉਸਦੀ ਕਵਿਤਾ ਆਪਣੀ ਸਾਦਗੀ ਅਤੇ ਡੂੰਘਾਈ ਲਈ ਜਾਣੀ ਜਾਂਦੀ ਹੈ, ਜੋ ਅਕਸਰ ਰੋਜ਼ਾਨਾ ਜੀਵਨ ਦੇ ਭਾਵਨਾਤਮਕ ਸੰਘਰਸ਼ਾਂ ਅਤੇ ਖੁਸ਼ੀਆਂ ਨੂੰ ਦਰਸਾਉਂਦੀ ਹੈ। ਆਪਣੀਆਂ ਸ਼ਕਤੀਸ਼ਾਲੀ ਕਵਿਤਾਵਾਂ ਰਾਹੀਂ, ਉਹ ਪਾਠਕਾਂ ਨਾਲ ਭਾਵਨਾਤਮਕ ਪੱਧਰ 'ਤੇ ਜੁੜਦਾ ਹੈ। ਉਸਦੀ ਕਵਿਤਾ ਅਤੇ ਗੀਤ ਪਿਆਰ, ਦਿਲ ਟੁੱਟਣ, ਤਾਂਘ, ਅਧਿਆਤਮਿਕਤਾ ਅਤੇ ਸਮਾਜਿਕ ਮੁੱਦਿਆਂ ਦੇ ਵਿਸ਼ਿਆਂ ਨੂੰ ਕਵਰ ਕਰਦੇ ਹਨ, ਜਿਸ ਦਾ ਹਰੇਕ ਟੁਕੜਾ ਖੁਸ਼ੀ ਅਤੇ ਦੁੱਖ ਦੋਵਾਂ ਵਿੱਚ ਸੁੰਦਰਤਾ ਲੱਭਣ ਦੀ ਉਸਦੀ ਯੋਗਤਾ ਨੂੰ ਦਰਸਾਉਂਦਾ ਹੈ।
ਉਸ ਦਾ ਸਭ ਪਹਿਲਾ ਪੇਸ਼ੇਵਰ ਗੀਤ ਗਾਇਕ ਕੁਲਦੀਪ ਮਾਣਕ ਨੇ ਗਾਇਆ। ਗੀਤਕਾਰੀ ਦੇ ਕਰੀਅਰ ਵਿੱਚ ਉਸਨੇ ਜਿਆਦਾਤਰ ਮਨਮੋਹਨ ਵਾਰਿਸ ਅਤੇ ਕਮਲ ਹੀਰ ਲਈ ਗੀਤ ਲਿਖੇ। ਬਾਅਦ ਵਿੱਚ ਉਸਨੇ ਖੁਦ ਗਾਇਕ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ।