Product details
ਮੁੱਢਲੇ ਸ਼ਬਦ
2013, 2023
ਕਿਸੇ ਵੀ ਧਰਮ-ਸੰਸਥਾ ਦੀ ਆਪਣੀਆਂ ਸਮਕਾਲੀ ਧਰਮ-ਸੰਸਥਾਵਾਂ ਨਾਲ ਅੰਤਰ- ਕਿਰਿਆ ਇਕ ਸਹਿਜ ਅਮਲ ਹੈ। ਇਹ ਅਮਲ ਹੀ ਧਾਰਮਿਕ ਬਹੁ-ਏਕਤਾਵਾਦ ਅਤੇ ਸਹਿ-ਹੋਂਦ ਦਾ ਆਧਾਰ ਬਣਦਾ ਹੈ। ਪਰੰਤੂ ਜਦੋਂ ਕਿਸੇ ਧਰਮ-ਸੰਸਥਾ ਵੱਲੋਂ ਕਿਸੇ ਜੀਵਿਤ ਧਰਮ-ਸੰਸਥਾ ਦੀ ਹੋਂਦ ਪ੍ਰਤਿ ਚੁਣੌਤੀ ਪੈਦਾ ਹੋਵੇ ਤਾਂ ਉਸ ਵੱਲੋਂ ਆਪਣੀ ਵਿਲੱਖਣ ਹੋਂਦ ਪ੍ਰਤਿ ਜਾਗਰੂਕ ਹੋਣਾ ਵੀ ਸਹਿਜ ਪ੍ਰਤਿਕਰਮ ਹੈ। ਕਈ ਵੇਰ ਅਜਿਹੇ ਅੰਤਰ-ਵਿਰੋਧੀ ਸੰਬਾਦ ਕਿਸੇ ਧਰਮ ਦੀ ਕਲਾਸਿਕ ਵਿਆਖਿਆ ਵੀ ਹੋ ਨਿਬੜਦੇ ਹਨ। ਉਨ੍ਹੀਵੀਂ ਸਦੀ ਦੇ ਅੰਤਲੇ ਦਹਾਕੇ ਦੇ ਧਾਰਮਿਕ ਖਿੱਚੋਤਾਣ ਅਤੇ ਆਪੋ-ਧਾਪੀ ਵਾਲੇ ਮਾਹੌਲ ਵਿਚਲੇ ਤਿੱਖੇ ਸੰਬਾਦ ਵਿਚੋਂ ਹੀ ਭਾਈ ਕਾਨ੍ਹ ਸਿੰਘ ਕ੍ਰਿਤ ਹਮ ਹਿੰਦੂ ਨਹੀਂ ਵਰਗੀ ਅਹਿਮ ਰਚਨਾ ਦਾ ਵੀ ਜਨਮ ਹੋਇਆ।
ਜਦੋਂ ਵੀ ਕਦੇ ਸਿੱਖ-ਵਿਦਵਤਾ ਦਾ ਜ਼ਿਕਰ ਹੋਵੇ ਤਾਂ ਭਾਈ ਕਾਨ੍ਹ ਸਿੰਘ ਜੀ ਦਾ ਨਾਂ ਮੁੱਢ ਵਿਚ ਆਉਂਦਾ ਹੈ। ਭਾਈ ਸਾਹਿਬ ਸਿੱਖ-ਜਗਤ ਦੇ ਪ੍ਰਬੁੱਧ ਵਿਦਵਾਨ ਸਨ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸਿੱਖ ਸਾਹਿਤ ਦੀ ਤਾਤਵਿਕ ਵਿਆਖਿਆ ਪ੍ਰਤਿ ਅਰਪਿਤ ਕੀਤੀ। ਸਿੱਖ ਧਰਮ ਦੇ ਮੂਲ ਸੰਕਲਪਾਂ ਪ੍ਰਤਿ ਪੀਡੀ ਪਕੜ ਹੋਣ ਕਰਕੇ ਆਪ ਹਮੇਸ਼ਾ ਵਿਸ਼ਲੇਸ਼ਣੀ ਬਿਰਤੀ ਧਾਰਨ ਕਰਨ ਦੇ ਬਾਵਜੂਦ ਅਸਲ ਰਸਤਿਓਂ ਖੁੰਝੇ ਨਹੀਂ।
ਭਾਈ ਸਾਹਿਬ ਰਚਿਤ ਹੱਥਲੀ ਪੁਸਤਕ, ਸਿੱਖ ਧਰਮ ਦੀ ਦੂਸਰੇ ਸਥਾਨਕ ਧਰਮਾਂ ਦੇ ਪ੍ਰਸੰਗ ਵਿਚ ਤਾਤਵਿਕ ਵਿਆਖਿਆ ਹੈ। ਇਸ ਪੁਸਤਕ ਦਾ ਮੁਹਾਵਰਾ ਬਹੁਤ ਨਰਮ ਤੇ ਬਾ-ਦਲੀਲ ਹੈ। ਬੜੇ ਨਾਜ਼ੁਕ ਵਿਸ਼ੇ ਸੰਬੰਧੀ ਲਿਖਣ ਦੇ ਬਾਵਜੂਦ ਰਚਨਾਕਾਰ ਕਿਤੇ ਵੀ ਸਮਕਾਲੀ ਧਰਮਾਂ ਸੰਬੰਧੀ ਹੀਣਿਤ-ਭਾਵ ਵਾਲੀਆਂ ਟਿੱਪਣੀਆਂ ਨਹੀਂ ਦਿੰਦਾ ਬਲਕਿ ਲੇਖਕ 'ਸਭਸ ਨਾਲ ਪੂਰਨ ਪਿਆਰ ਕਰਨ ਅਰ ਹਰ ਵੇਲੇ ਸਭ ਦਾ ਹਿਤ ਚਾਹੁਣ' ਦਾ ਹੀ ਉਪਦੇਸ਼ ਦਿੰਦਾ ਹੈ। ਸਮੁੱਚੇ ਰੂਪ ਵਿਚ ਇਹ ਰਚਨਾ ਮੂਲ ਧਰਮ-ਗ੍ਰੰਥਾਂ ਉਪਰ ਹੀ ਆਧਾਰਿਤ ਹੈ ਅਤੇ ਤੁਲਨਾਤਮਕ ਧਰਮ-ਅਧਿਐਨ ਦੀ ਇਕ ਪ੍ਰਮਾਣਿਕ ਰਚਨਾ ਹੈ। ਇਹ ਪੁਸਤਕ ਆਪਣੇ ਧਰਮ ਦੀ ਗੌਰਵਤਾ ਦ੍ਰਿੜ੍ਹਾਣ ਦੇ ਨਾਲ ਨਾਲ ਧਾਰਮਿਕ ਸਹਿ-ਹੋਂਦ ਨੂੰ ਵੀ ਉਤਸ਼ਾਹਿਤ ਕਰਦੀ ਹੈ।
ਸਿੱਖ ਧਰਮ ਦੀ ਵਿਲੱਖਣ ਹਸਤੀ ਪ੍ਰਤਿ ਅਨੇਕਾਂ ਚੁਣੌਤੀਆਂ ਦਾ ਸੰਤਾਪ ਸਿੱਖ-ਜਗਤ ਅੱਜ ਵੀ ਭੋਗ ਰਿਹਾ ਹੈ, ਭਾਵੇਂ ਕਿ ਸੰਦਰਭ ਬਦਲ ਗਿਆ ਹੈ। ਇਹ ਪੁਸਤਕ ਚੂੰਕਿ ਸਿੱਖ ਧਰਮ ਦੀ ਦਾਰਸ਼ਨਿਕ ਗੌਰਵਤਾ ਨੂੰ ਦ੍ਰਿੜਾਉਣ ਦੇ ਨਾਲ ਹੀ ਸਿੱਖ ਧਰਮ ਨੂੰ ਹਰ ਸਤਰ ਤੇ ਵਿਲੱਖਣ ਹਸਤੀ ਵਜੋਂ ਵੀ ਸੁਚੱਜੇ ਢੰਗ ਨਾਲ ਨਿਰੂਪਿਤ ਕਰਦੀ ਹੈ, ਇਸ ਲਈ ਇਸ
ਪੁਸਤਕ ਦੀ ਸਾਰਥਕਤਾ ਅਜੋਕੇ ਸਮੇਂ ਦੀ ਵੀ ਇਕ ਅਹਿਮ ਲੋੜ ਹੈ। ਇਸੇ ਕਰਕੇ ਪਿਛਲੇ ਦੋ ਦਹਾਕਿਆਂ ਵਿਚ ਹੀ ਕਈ ਸੰਸਥਾਵਾਂ ਵਲੋਂ ਇਸ ਪੁਸਤਕ ਦੇ ਕਈ ਸੰਸਕਰਣ ਛਪ ਚੁੱਕੇ ਹਨ।
ਇਹ ਪੁਸਤਕ ਮੂਲ ਰੂਪ ਵਿਚ ੧੮੯੮ ਈ: ਵਿਚ ਛਪੀ ਸੀ । ਹੱਥਲੇ ਸੰਸਕਰਣ ਦੀ ਤਿਆਰੀ ਸਮੇਂ ੧੯੧੭ ਈ: ਵਿਚ ਪੰਚ ਖ਼ਾਲਸਾ ਦੀਵਾਨ ਵੱਲੋਂ ਪ੍ਰਕਾਸ਼ਤ ਛੇਵੀਂ ਐਡੀਸ਼ਨ ਨਾਲ ਪੁਸਤਕ ਦੇ ਪਾਠ ਦਾ ਮਿਲਾਨ ਕਰ ਕੇ ਲੋੜੀਂਦੀਆਂ ਸੋਧਾਂ ਕੀਤੀਆਂ ਗਈਆਂ ਹਨ। ਪੁਸਤਕ ਨੂੰ ਵਧੇਰੇ ਉਪਯੋਗੀ ਬਣਾਣ ਲਈ ਇਸ ਵਿਚ ਸ਼ਾਮਲ ਤੁਕਾਂ ਦੇ ਲੋੜੀਂਦੇ ਹਵਾਲੇ ਵੀ ਅੰਕਿਤ ਕੀਤੇ ਗਏ ਹਨ ਤੇ ਮੁੱਢ ਵਿਚ ਅੱਖਰ ਕ੍ਰਮ ਅਨੁਸਾਰ ਵਿਸ਼ੈ-ਸੂਚੀ ਵੀ ਸ਼ਾਮਲ ਕੀਤੀ ਗਈ ਹੈ। ਹੱਥਲੇ ਸੰਸਕਰਣ ਦੀ ਤਿਆਰੀ ਸਮੇਂ ਭਾਈ ਮੋਹਨ ਸਿੰਘ ਵੱਲੋਂ ਕਾਫ਼ੀ ਸਹਿਯੋਗ ਦਿੱਤਾ ਗਿਆ ਹੈ, ਜਿਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।
੨੫ ਫ਼ਰਵਰੀ, ੧੯੯੨
-ਪ੍ਰਕਾਸ਼ਕ
Similar products