Product details
ਦਲੀਪ ਕੌਰ ਟਿਵਾਣਾ ਦੀ ਨਾਵਲ-ਕਲਾ ਜੀਵਨ-ਹੋਂਦ ਦੀ ਅਸਲੀਅਤ ਦੇ ਰਾਜ ਨੂੰ ਢੂੰਡਦੀ ਹੋਈ ਆਪਣੇ ਨੈਣ-ਨਕਸ਼ ਨਿਖਾਰਦੀ ਹੈ। ਜੀਵਨ ਦੇ ਹਜ਼ਾਰਾਂ ਪਹਿਲੂਆਂ ਦੀ ਤ੍ਰਿਖਾ ਇਸੇ ਨੁਕਤੇ ਤੋਂ ਸ਼ੁਰੂ ਹੋ ਕੇ ਇਸਦੀ ਸੰਪੂਰਨਤਾ ਦੇ ਕਿਸੇ ਝਲਕਾਰੇ ਉਤੇ ਆਪਣੇ ਆਪ ਨੂੰ ਇਕਾਗਰ ਕਰਦੀ ਹੈ।
ਉਸਦਾ ਰਚਨਾਤਮਕ ਉਛਾਲ ਆਪਣਾ ਪ੍ਰਥਮ ਘੇਰਾ ਅਜਿਹੀ ਇਕੱਲ ਜਾਂ ਉਪਰਾਮਤਾ ਵਿਚ ਨਿਸਚਿਤ ਕਰਦਾ ਹੈ ਜਿਹੜੀ ਉਦੋਂ ਦ੍ਰਿਸ਼ਟੀਮਾਨ ਹੁੰਦੀ ਹੈ ਜਦੋਂ ਕਿ ਕਿਸੇ ਵਿਸ਼ੇਸ਼ ਕਾਰਨ ਕਰਕੇ ਮਾਨਵ-ਹੋਂਦ ਦਾ ਕੋਈ ਮੁੱਖ ਪਹਿਲੂ ਅਚਾਨਕ ਜਾਂ ਕਿਸੇ ਤਰਕ-ਨਿਯਮ ਅਨੁਸਾਰ ਆਪਣੇ ਅਰਥ ਗੁਆ ਬੈਠਦਾ ਹੈ, ਜਾਂ ਇੰਜ ਬਾਹਰੋਂ ਜਾਪਦਾ ਹੈ। ਟਿਵਾਣਾ ਦੇ ਨਾਵਲਾਂ ਵਿਚ ਕਦੇ ਵਕਤੀ ਤੌਰ ਤੇ ਉੱਤੇ ਅਤੇ ਕਦੇ ਪੱਕੇ ਤੌਰ ਉਪਰਾਮਤਾ ਅਤੇ ਇਕੱਲਤਾ ਦੀ ਸੰਘਣੀ ਨਿਰਾਕਾਰਤਾ ਵਿਚ ਵਿਚਰਦੀ ਤ੍ਰਾਸਦੀ ਦਾ ਅਜਿਹਾ ਰੂਪ ਯਕੀਨਨ ਉਭਰਦਾ ਹੈ, ਪਰ ਜੀਵਨ-ਹੋਂਦ ਦੇ ਬਾਹਰੋਂ ਗੁਆਚੇ ਅਰਥਾਂ ਦੇ ਅੰਦਰ ਕਿਸੇ ਮੰਜ਼ਿਲ ਵਲ ਵਧਣ ਦੀ ਹਰਕਤ ਕਦੇ ਧੀਮੀ ਸੁਰ ਵਿਚ ਅਤੇ ਕਦੇ ਤੇਜ਼ ਸੁਰ ਵਿਚ ਕਾਇਮ ਰਹਿੰਦੀ ਹੈ।
(
ਦਲੀਪ ਦੇ ਨਾਵਲਾਂ ਵਿਚ ਜੀਵਨ ਦੇ ਨਿਰਾਰਥ ਹੋਣ ਦੀ ਘੜੀ ਬੜੀ ਸ਼ਿੱਦਤ ਨਾਲ ਆਉਂਦੀ ਹੈ। ਇਸ ਦੇ ਪਿਛੋਕੜ ਵਿਚ ਬੜੇ ਸੂਖਮ ਅਤੇ ਰਹੱਸਮਈ ਤਰਕ ਕੰਮ ਕਰਦੇ ਹਨ। ਇਹ ਨਿਰਾਰਥਕ ਪਲ ਵਿਅਕਤੀਗਤ ਵੀ ਹਨ, ਸਾਮੂਹਿਕ ਵੀ ਹਨ; ਇਕ ਨੁਕਤੇ ਉੱਤੇ ਵੀ ਸਿਮਟਦੇ ਹਨ ਅਤੇ ਵਿਸ਼ਾਲ ਕੁਦਰਤ ਵਲ ਵੀ ਪਸਰਦੇ ਹਨ। ਨਿਰਮੋਹ ਹੋਣ ਦੀਆਂ ਪ੍ਰਸਥਿਤੀਆਂ, ਸਨਕੀ ਰੌਅ, ਵਿਅਕਤੀ ਅਤੇ ਸਮਾਜ ਦੀ ਉਪਜਾਈ ਗ਼ੈਰ ਕੁਦਰਤੀ ਕੁਰਹਿਤ, ਯੂਨੀਵਰਸਿਟੀਆਂ ਵਿਚ ਪਸਰੀ ਕੁਨਬਾ-ਪਰਵਰੀ, ਬੇਲਗਾਮ ਕਾਮ, ਧੋਖਾ, ਅਸ਼ਲੀਲ ਤਨਜ਼ਾਂ, ਘਟੀਆ ਸੁਹਜ ਸੁਆਦ ਤੇ ਮੀਸਣਾਪਨ, ਸਮਾਜ ਦੇ ਰੋਗੀ ਪਿੰਡੇ ਵਿਚ ਸਰਕਦੇ ਖਲਨਾਇਕ ਤੇ ਉਹਨਾਂ ਦੀਆਂ ਸਾਜ਼ਿਸ਼ਾਂ ਅਤੇ ਮੌਤ/ਕਬਰ/ਸ਼ਮਸ਼ਾਨਾਂ ਦੇ ਭੈਅ ਵਿਚ ਡੁੱਬ ਰਹੇ ਮਨੁੱਖੀ ਸਾਹ ਜ਼ਿੰਦਗੀ ਨੂੰ ਇਕ ਨੀਰਸ ਬੁਢਾਪੇ ਵਲ ਧਕਦੇ ਹਨ, ਜਿਹਨਾਂ ਨੂੰ ਦਲੀਪ ਅਤਿ ਸੰਜਮੀ ਕਲਾਮਈ ਤੀਬਰਤਾ ਨਾਲ ਪਕੜਦੀ ਅਤੇ ਸਾਕਾਰ ਕਰਦੀ ਹੈ।
ਦਲੀਪ ਕੌਰ ਟਿਵਾਣਾ ਦੇ ਨਾਵਲਾਂ ਵਿਚ ਮਨੁੱਖ ਦੇ ਅੰਦਰਲੇ ਅਤੇ ਬਾਹਰਲੇ ਜਗਤ ਦੇ ਯਥਾਰਥ ਨੂੰ ਕਾਲ ਦੇ ਅਬੁੱਝ ਇਤਿਹਾਸ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ। ਲੋਕ ਸਾਹਿਤ ਦੀ ਧਰਤੀ ਦੇ ਦੀਰਘ ਰਹੱਸ ਵਿਚ ਡੁੱਬੀ ਰਸਿਕਤਾ, ਲੋਕ ਭਾਸ਼ਾ ਦੀ ਮੁੱਢ ਕਦੀਮੀ ਰਸ-ਵਿਸ਼ੇਸ਼ ਲਈ ਕੀਤਾ ਪ੍ਰਯੋਗ, ਇਸ ਸਿਤਾਰੇ ਉਤੇ ਮਨੁੱਖ ਦੀ ਤਕਦੀਰ ਅਤੇ ਖਾਸ ਸਥਿਤੀ ਪ੍ਰਗਟਾਉਣ ਲਈ ਲੋਕ ਬਾਤਾਂ ਅਤੇ ਪੌਰਾਣਿਕ ਮਿੱਥਾਂ ਦੀ ਕੀਤੀ ਸੰਜਮੀ ਵਰਤੋਂ, ਵਿਅਕਤੀ ਦੇ ਅਤਿ ਕੀਮਤੀ ਜਜ਼ਬੇ ਦੀ ਇਤਿਹਾਸਕ ਨਿਰੰਤਰਤਾ ਅਤੇ ਉਸਦੀ ਸਮੇਂ/ਸਥਾਨ ਤੋਂ ਪਾਰ ਦੇ ਵਿਸਮਾਦ ਵਲ ਉਡਣ ਦੀ ਚੇਤਨਾ-ਤਰੰਗ ਦਲੀਪ ਦੇ ਨਾਵਲਾਂ ਦੇ ਯਥਾਰਥਕ ਸਮਾਚਾਰਾਂ ਦੇ ਅੰਗ ਸੰਗ ਤੁਰਦੀ ਹੈ।
Similar products