Product details
ਬਚਪਨ ਵਿਚ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਕੁੜੀਆਂ ਆਪੇ ਉਨ੍ਹਾਂ ਗੁੱਡੀਆਂ ਦੇ ਕਾਜ ਰਚਾ ਲੈਂਦੀਆਂ ਹਨ । ਸੁਹਾਗ ਗਾਉਂਦੀਆਂ, ਡੋਲੀ ਬਿਠਾਉਂਦੀਆਂ ਉਨ੍ਹਾਂ ਸਾਰੀਆਂ ਰਸਮਾਂ ਵਿਚੋਂ ਲੰਘ ਜਾਂਦੀਆਂ ਹਨ ਜਿਨ੍ਹਾਂ ਵਿਚੋਂ ਦੀ ਉਨ੍ਹਾਂ ਨੇ ਆਪ ਸੱਚੀਂ ਮੁੱਚੀਂ ਲੰਘਣਾ ਹੁੰਦਾ ਹੈ ਤੇ ਫੇਰ ਉਨ੍ਹਾਂ ਗੁੱਡੀਆਂ ਵਿਚੋਂ ਕੋਈ ਗੁੱਡੀ ਮਰ ਜਾਂਦੀ ਹੈ । ਰੋਂਦੀਆਂ ਕੁਰਲਾਉਂਦੀਆਂ ਸਿਆਪਾ ਕਰਦੀਆਂ ਉਹ ਗੁੱਡੀ ਫੂਕਣ ਤੁਰ ਪੈਂਦੀਆਂ ਹਨ ਤੇ ਵੈਣ ਪਾਉਂਦੀਆਂ ਹਨ 'ਹੈ ਹੈ ਧੀਏ ਮੋਰਨੀਏ, ਤੇਰੇ ਗਜ ਗਜ ਲੰਬੇ ਵਾਲ ਨੀ ਧੀਏ ਮੋਰਨੀਏ।'
ਕੁਝ ਇਹੋ ਜਿਹਾ ਹੀ ਮੇਰਾ ਰਿਸ਼ਤਾ ਮੇਰੀਆਂ ਕਹਾਣੀਆਂ ਨਾਲ ਸੀ। 'ਤੇਰੇ ਗਜ ਗਜ ਲੰਬੇ ਵਾਲ ਨੀ ਧੀਏ ਮੋਰਨੀਏ' ਆਖਦਿਆਂ ਮੈਨੂੰ ਲਗਦਾ ਹੈ ਜਿਵੇਂ ਉਹ ਸਭ ਗੁੱਡੇ ਗੁੱਡੀਆਂ ਦੀ ਖੇਡ ਹੀ ਸੀ, ਨਹੀਂ ਤਾਂ ਜਦੋਂ ਮੈਂ ਜ਼ਰਾ ਵੱਡੀ ਹੋਈ ਉਸ ਖੇਡ ਤੋਂ ਦੂਰ ਕਿਉਂ ਚਲੀ ਗਈ।
ਉਸ ਉਮਰੇ ਸੱਚ ਤੇ ਛਲ, ਸੱਚ ਤੇ ਸੁਪਨੇ ਵਿਚਕਾਰਲੀ ਲਕੀਰ ਦੀ ਏਡੀ ਪਹਿਚਾਣ ਨਹੀਂ ਹੁੰਦੀ । ਪ੍ਰਿੰਸੀਪਲ ਤੇਜਾ ਸਿੰਘ ਨੇ ਜਦੋਂ ਇਕ ਕਹਾਣੀ ਬਾਰੇ ਆਖਿਆ “ਇਹ ਏਡੀ ਵਧੀਆ ਨਹੀਂ” ਤਾਂ ਮੇਰਾ ਜਵਾਬ ਸੀ, “ਕਹਾਣੀ ਤਾਂ ਵਧੀਆ ਹੀ ਹੈ ਪਰ ਤੁਹਾਨੂੰ ਸਮਝ ਨਹੀਂ ਲੱਗੀ।”
ਅਜਿਹੇ ਬੇਬੁਨਿਆਦ ਜਿਹੇ ਵਿਸ਼ਵਾਸ ਸਦਕਾ ਹੀ ਮੈਂ ਕਹਾਣੀਆਂ ਲਿਖਦੀ ਵੀ ਰਹੀ, ਕਹਾਣੀਆਂ ਛਪਦੀਆਂ ਵੀ ਰਹੀਆਂ, ਲੋਕ ਪੜ੍ਹਦੇ ਵੀ ਰਹੇ। ਝੂਠੀਆਂ ਸੱਚੀਆਂ ਮਾੜੀਆਂ ਮੋਟੀਆਂ ਤਾਰੀਫਾਂ ਜਿਹੀਆਂ ਵੀ ਹੋਣ ਲੱਗ ਪਈਆਂ। ਪਰ ਇਨ੍ਹਾਂ ਗੱਲਾਂ ਦਾ ਮੈਨੂੰ ਧਰਵਾਸ ਕੋਈ ਨਹੀਂ ਸੀ। ਇਸ ਲਈ ਨਾ ਕਿਸੇ ਨੂੰ ਕਿਸੇ ਕਿਤਾਬ ਦੀ ਭੂਮਿਕਾ ਲਿਖਣ ਲਈ ਆਖਿਆ, ਨਾ ਕੋਈ ਕਿਤਾਬ ਕਿਧਰੇ ਰੀਵੀਊ ਲਈ ਭੇਜੀ।
Similar products