
Product details
ਬੜਾ ਦਿਲਚਸਪ ਇਤਫ਼ਾਕ ਹੈ ਕਿ ਪੁਰਤਗਾਲ ਦਾ ਯਾਤਰੀ ਵਾਸਕੋਡੇ-ਗਾਮਾ 1460 ਵਿੱਚ ਜੰਮਦਾ ਹੈ ਤੇ ਗੁਰੂ ਜੀ ਦਾ ਜਨਮ 1469 ਵਿੱਚ ਹੁੰਦਾ ਹੈ। ਦੋਵੇਂ ਅੱਗੜ ਪਿੱਛੜ ਸੰਸਾਰ-ਯਾਤਰਾਵਾਂ 'ਤੇ ਨਿਕਲਦੇ ਹਨ। ਵਾਸਕੋਡੇ-ਗਾਮਾ ਨੇ ਆਪਣੀ ਯਾਤਰਾ 1497 ਵਿੱਚ ਸ਼ੁਰੂ ਕੀਤੀ ਤੇ 20 ਮਈ 1498 ਨੂੰ ਉਹ ਹਿੰਦੁਸਤਾਨ ਦੀ ਬੰਦਰਗਾਹ ਕਾਲੀਕਟ 'ਤੇ ਪੈਰ ਰੱਖਦਾ ਹੈ ਤੇ 'ਗਲੋਬਲ ਸਾਮਰਾਜਵਾਦ' ਦੀ ਨੀਂਹ ਰੱਖਦਾ ਹੈ। ਦੂਜੇ ਪਾਸੇ ਗੁਰੂ ਜੀ ਵੀ ਇਹਨਾਂ ਹੀ ਸਾਲਾਂ ਵਿੱਚ ਆਪਣੀਆਂ ਉਦਾਸੀਆਂ 'ਤੇ ਨਿਲਕਦੇ ਨੇ। ਪਰ ਦੋਵਾਂ ਦੇ ਘਰਾਂ ਤੋਂ ਨਿਕਲ ਕੇ ਯਾਤਰਾਵਾਂ 'ਤੇ ਨਿਕਲਣ ਦੇ ਕਾਰਨ ਤੇ ਮਕਸਦ ਮੂਲੋਂ ਹੀ ਵੱਖੋ ਵੱਖਰੇ ਸਨ। ਇੱਕ ਵਪਾਰ ਕਰਨ ਲਈ ਨਿਕਲਦਾ ਏ, ਦੂਜਾ ਪਿਆਰ ਕਰਨ ਲਈ ਤੁਰਦਾ ਹੈ। ਇੱਕ ਨੇ ਸਮਾਰਾਜੀ ਮੁਲਕਾਂ ਲਈ ਧਨ-ਦੌਲਤ ਲੁੱਟਣ ਦੇ ਅਤੇ 'ਮੈਂ-ਮੇਰੀ' ਦੇ ਰਾਹ ਖੋਲ੍ਹਣੇ ਸਨ। ਦੂਜੇ ਨੇ ਆਪਣੀ ਮੁਹੱਬਤ ਨਾਲ ਲੋਕਾਂ ਦੇ ਦਿਲਾਂ ਨੂੰ ਲੁੱਟਣਾ ਸੀ ਤੇ 'ਤੂੰ-ਤੇਰਾ’ ਦਾ ਸਬਕ ਦੇਣਾ ਸੀ। ਇੱਕ ਨੇ ਪੈਸੇ ਨੂੰ ਅੰਤਮ ਕੀਮਤ ਮੰਨ ਕੇ, ਧਨ-ਦੌਲਤ ਦੇ ਨਾਲ-ਨਾਲ ਮਨੁੱਖਤਾ ਦੇ ਗੌਰਵ ਨੂੰ ਖੋਹਣਾ ਸੀ ਤੇ ਦੂਜੇ ਨੇ ਰਾਹੋਂ ਭਟਕੀ ਮਨੁੱਖਤਾ ਨੂੰ ਉਹਦਾ ਖੁੱਸਿਆ ਇਨਸਾਨੀ ਗੌਰਵ ਵਾਪਸ ਮੋੜਨਾ ਸੀ। ਇੱਕ ਨੇ ਕੇਵਲ ਤੇ ਕੇਵਲ ‘ਆਪਣੇ ਭਲੇ ਦੀ' ਅਤੇ ਦੂਜੇ ਨੇ 'ਸਰਬੱਤ ਦੇ ਭਲੇ' ਦੀ ਖ਼ੈਰ-ਸੁੱਖ ਮੰਗਣੀ ਸੀ।
ਅਸਲ ਵਿੱਚ ਇਹ ਦੋ ਵਿਰੋਧੀ ਵਿਚਾਰਧਾਰਾਵਾਂ ਦੀ ਟੱਕਰ ਸੀ। ਅਫ਼ਸੋਸ! ਅੱਜ ਸਾਰੇ ਸੰਸਾਰ ਉੱਤੇ ਵਾਸਕੋਡੇ-ਗਾਮਾ ਦੀ ਧਿਰ, ਉਸ ਦੀ ਅੰਸ-ਬੰਸ ਦਾ ਝੰਡਾ ਝੁੱਲ ਰਿਹਾ ਹੈ। ਸਾਰੇ ਸੰਸਾਰ ਦੇ ਕਾਰ-ਵਿਹਾਰ ਤੇ ਵਪਾਰ 'ਤੇ ਉਹਨਾਂ ਦਾ ਕਬਜ਼ਾ ਹੈ। ਪਰ ਦੁੱਖ ਦੀ ਗੱਲ ਹੈ। ਕਿ ਗੁਰੂ ਨਾਨਕ ਨੂੰ ‘ਆਪਣਾ ਗੁਰੂ' ਆਖਣ ਵਾਲੇ ‘ਸਿੱਖਾਂ ਦੀ ਸਿੱਖੀ' (ਗੁਰੂ ਨਾਨਕ ਦੀ ਸਿੱਖੀ ਨਹੀਂ) ਵੀ ਅੰਤਰ-ਰਾਸ਼ਟਰੀ ਗੇੜਾ ਕੱਢ ਕੇ ਹੁਣ ਵਪਾਰ ਹੀ ਤਾਂ ਬਣ ਗਈ ਹੈ!
Similar products