
Product details
total peaches, 628
ਦੋ ਸ਼ਬਦ
8 ਪੰਜਾਬੀ ਭਾਸ਼ਾ ਦਾ ਸਰਵਪੱਖੀ ਵਿਕਾਸ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦਾ ਮੁਖ-ਮਨੋਰਥ ਹੈ। ਪੰਜਾਬੀ ਅਤੇ ਸੰਸਕ੍ਰਿਤ ਦਾ ਅਟੁਟ ਸੰਬੰਧ ਹੈ। ਸੰਸਕ੍ਰਿਤ ਕੇਵਲ ਇਸ ਦੇਸ਼ ਦੀ ਪ੍ਰਾਚੀਨ ਭਾਸ਼ਾ ਹੀ ਨਹੀਂ, ਬਲਕਿ ਇਥੋਂ ਦੀ ਧਰਮ-ਪਰੰਪਰਾ, ਦਰਸ਼ਨ, ਸੰਸਕ੍ਰਿਤੀ ਆਦਿ ਨਾਲ ਵੀ ਸੰਬੰਧਤ ਹੈ ਅਤੇ ਭਾਰਤ ਦੀਆਂ ਬਹੁਤੀਆਂ ਭਾਸ਼ਾਵਾਂ ਨੂੰ ਸਮਝਣ ਵਾਸਤੇ ਇਸ ਦੀ ਸੂਝ-ਬੂਝ ਲਾਜ਼ਮੀ ਹੈ। ਹੋਰ ਭਾਸ਼ਾਵਾਂ ਨਾਲੋਂ ਪੰਜਾਬੀ ਸੰਸਕ੍ਰਿਤ ਦੇ ਬਹੁਤੀ ਨੇੜੇ ਹੈ, ਇਸ ਲਈ ਪੰਜਾਬੀ ਪਾਠਕ ਵਾਸਤੇ ਇਸ ਦਾ ਗਿਆਨ ਪ੍ਰਾਪਤ ਕਰਨਾ ਹੋਰ ਜ਼ਰੂਰੀ ਹੋ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਇਕ ਪਾਸੇ ਸੰਸਕ੍ਰਿਤ ਦੇ ਕਲਾਸਿਕ ਗ੍ਰੰਥਾਂ ਦਾ ਪੰਜਾਬੀ ਵਿਚ ਅਨੁਵਾਦ ਕਰਵਾ ਕੇ ਦੇਸ਼ ਦੀ ਪ੍ਰਾਚੀਨ ਸੰਸਕ੍ਰਿਤੀ, ਸਾਹਿਤ, ਧਰਮ-ਧਾਰਾ ਅਤੇ ਦਰਸ਼ਨ ਸੰਬੰਧੀ ਚੇਤਨਤਾ ਦਾ ਪ੍ਰਸਾਰ ਕਰਨ ਲਈ ਸਮਰਪਿਤ ਹੈ, ਦੂਜੇ ਪਾਸੇ ਉਹ ਸੰਸਕ੍ਰਿਤ ਭਾਸ਼ਾ ਨੂੰ ਸਮਝਣ ਵਾਸਤੇ ਆਧਾਰ ਸਮੱਗਰੀ ਤਿਆਰ ਕਰਵਾਉਣ ਲਈ ਵੀ ਯਤਨਸ਼ੀਲ ਹੈ।
ਪੰਜਾਬੀ ਯੂਨੀਵਰਸਿਟੀ ਨੇ ਪਹਿਲਾਂ ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਵਰਗੇ ਪ੍ਰਬੁੱਧ ਵਿਦਵਾਨ ਦੀ ਅਗਵਾਈ ਵਿਚ ਸੰਸਕ੍ਰਿਤ ਵਿਭਾਗ ਤੋਂ ਸੰਸਕ੍ਰਿਤ-ਪੰਜਾਬੀ ਕੋਸ਼ ਤਿਆਰ ਕਰਵਾਇਆ ਸੀ, ਜੋ ਪ੍ਰਕਾਸ਼ਿਤ ਕਰਵਾ ਕੇ ਪਾਠਕਾਂ ਤਕ ਪਹੁੰਚਾਇਆ ਜਾ ਚੁਕਾ ਹੈ। ਇਸ ਤੋਂ ਬਾਅਦ ਯੂਨੀਵਰਸਿਟੀ ਨੇ ਸੰਸਕ੍ਰਿਤ ਵਿਭਾਗ ਦੇ ਅਧਿਆਪਕਾਂ ਪ੍ਰੋ. ਇੰਦਰਮੋਹਨ ਸਿੰਘ ਅਤੇ ਪ੍ਰੋ. ਸ਼ਰਨ ਕੌਰ ਦੇ ਉਸ ਪ੍ਰਾਜੈਕਟ ਨੂੰ ਪ੍ਰਵਾਨਗੀ ਦਿਤੀ, ਜਿਸ ਦੁਆਰਾ ‘ਪੰਜਾਬੀ-ਸੰਸਕ੍ਰਿਤ ਕੋਸ਼' ਤਿਆਰ ਕੀਤਾ ਜਾਣਾ ਸੀ । ਵਾਸਤਵ ਵਿਚ ਅਜਿਹੇ ਪ੍ਰਾਜੈਕਟ ਦੀ ਬਹੁਤ ਜ਼ਰੂਰਤ ਵੀ ਸੀ, ਕਿਉਂਕਿ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਸੰਸਕ੍ਰਿਤ ਸ਼ਬਦਾਂ ਨੂੰ ਸੂਚਿਤ ਕਰਨ ਵਾਲੇ ਕਿਸੇ ਅਜਿਹੇ ਚੰਗੇ ਪੰਜਾਬੀ-ਸੰਸਕ੍ਰਿਤ ਕੋਸ਼ ਦੀ ਅਣਹੋਂਦ ਮਹਿਸੂਸ ਕੀਤੀ ਜਾਂਦੀ ਸੀ, ਜਿਸ ਦੁਆਰਾ ਪੰਜਾਬੀ ਪਾਠਕਾਂ ਨੂੰ ਸੰਸਕ੍ਰਿਤ ਸ਼ਬਦਾਵਲੀ ਦੀ ਚੰਗੇਰੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੋਵੇ। ਯੂਨੀਵਰਸਿਟੀ ਨੇ ਇਸ ਪ੍ਰਾਜੈਕਟ ਦੀ ਪੂਰਨਤਾ ਵਾਸਤੇ ਨਾ ਕੇਵਲ ਵਿਭਾਗ ਦੀ ਮੰਗ ਤੇ ਦੋ ਪ੍ਰਾਜੈਕਟ ਸਹਾਇਕਾਂ ਦੀ ਨਿਯੁਕਤੀ ਕੀਤੀ, ਬਲਕਿ ਹਰ ਤਰ੍ਹਾਂ ਦਾ ਸਹਾਇਕ ਸਾਜ਼ੋ-ਸਾਮਾਨ ਵੀ ਪ੍ਰਦਾਨ ਕੀਤਾ।
ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਲਗਪਗ ਪੰਜ ਸਾਲ ਦੀ ਅਟੁਟ ਲਗਨ ਅਤੇ ਸਖ਼ਤ ਮਿਹਨਤ ਨਾਲ ਇਸ ਕਾਰਜ ਨੂੰ ਸਫਲਤਾ ਸਹਿਤ ਪੂਰਾ ਕੀਤਾ ਗਿਆ ਹੈ। ਇਹ ਹੋਰ ਵੀ ਪ੍ਰਸੰਨਤਾ ਅਤੇ ਗੌਰਵ ਦੀ ਗੱਲ ਹੈ ਕਿ ਯੂਨੀਵਰਸਿਟੀ ਦਾ ਇਹ ਅਹਿਮ ਪ੍ਰਾਜੈਕਟ ਮੇਰੇ ਕਾਰਜ-ਕਾਲ ਦੌਰਾਨ ਸੰਪੂਰਨ ਹੋਇਆ ਹੈ। ਸੰਸਕ੍ਰਿਤ ਭਾਸ਼ਾ ਵਿਚ ਰਚਿਤ ਗ੍ਰੰਥਾਂ ਦੇ ਪੰਜਾਬੀ ਅਨੁਵਾਦ ਅਤੇ ਦੋਹਾਂ ਭਾਸ਼ਾਵਾਂ ਦੇ ਅੰਤਰ-ਸੰਬੰਧਾਂ ਬਾਰੇ ਸੂਝ ਪੈਦਾ ਕਰਨ ਵਾਲੇ ਕੋਸ਼-ਗ੍ਰੰਥਾਂ ਦੀ ਰਚਨਾ ਦੁਆਰਾ ਪੰਜਾਬੀ ਭਾਸ਼ਾ ਨੂੰ ਸਮ੍ਰਿਧ ਕਰਨ ਵਾਸਤੇ ਮੈਂ ਪੂਰੀ ਤਰ੍ਹਾਂ ਵਚਨਬਧ ਹਾਂ। ਇਸ ਕੋਸ਼ ਦੀ ਰਚਨਾ ਕਰ ਕੇ ਜਿਹੜੀ ਸਾਹਿਤਿਕ ਸੇਵਾ ਯੂਨੀਵਰਸਿਟੀ ਦੇ ਸੰਸਕ੍ਰਿਤ ਵਿਭਾਗ ਵਿਚ ਕਾਰਜਰਤ ਉਕਤ ਪ੍ਰਬੁੱਧ ਵਿਦਵਾਨਾਂ ਨੇ ਕੀਤੀ ਹੈ, ਉਸ ਲਈ ਉਹ ਪ੍ਰਸ਼ੰਸਾ ਅਤੇ ਵਧਾਈ ਦੇ ਪਾਤਰ ਹਨ ਅਤੇ ਮੈਂ ਆਸ ਕਰਦਾ ਹਾਂ ਕਿ ਪ੍ਰੋ. ਇੰਦਰਮੋਹਨ ਸਿੰਘ ਅਤੇ ਪ੍ਰੋ. ਸ਼ਰਨ ਕੌਰ ਸੰਸਕ੍ਰਿਤ ਭਾਸ਼ਾ ਦੇ ਆਪਣੇ ਗਿਆਨ ਦੁਆਰਾ ਯੂਨੀਵਰਸਿਟੀ ਅਤੇ ਸਾਹਿਤਿਕ ਜਗਤ ਦੀ ਸੇਵਾ ਨਿਰੰਤਰ ਜਾਰੀ ਰਖਣਗੇ।
ਇਹ ਅਨਮੋਲ ਕ੍ਰਿਤੀ ਸਾਹਿਤ-ਪ੍ਰੇਮੀਆਂ ਦੀ ਗਿਆਨ-ਵ੍ਰਿਧੀ ਹਿਤ ਸਮਰਪਿਤ ਕਰਨ ਦਾ ਮਾਨ ਲੈਂਦਿਆਂ ਮੈਂ ਬਹੁਤ ਪ੍ਰਸੰਨਤਾ ਅਤੇ ਫ਼ਖ਼ਰ ਮਹਿਸੂਸ ਕਰ ਰਿਹਾ ਹਾਂ।ਆਸ ਕਰਦਾ ਹਾਂ ਕਿ ਪੰਜਾਬੀ ਅਤੇ ਸੰਸਕ੍ਰਿਤ ਦੋਹਾਂ ਭਾਸ਼ਾਵਾਂ ਦੇ ਵਿਵੇਕੀ ਪਾਠਕ ਇਸ ਕ੍ਰਿਤੀ ਦਾ ਭਰਪੂਰ ਲਾਭ ਉਠਾਉਣਗੇ।
ਪੰਜਾਬੀ ਯੂਨੀਵਰਸਿਟੀ
ਜਸਪਾਲ ਸਿੰਘ (ਡਾ.)
ਪਟਿਆਲਾ
ਵਾਈਸ-ਚਾਂਸਲਰ
Similar products